15.The Rock
- ਅਲਿਫ.ਲਾਮ.ਰਾ., ਇਹ ਆਇਤਾਂ ਹਨ ਇੱਕ ਕਿਤਾਬ ਅਤੇ ਸਪੱਸ਼ਟ ਕੁਰਆਨ ਦੀਆਂ।
- ਉਹ ਸਮਾਂ ਆਵੇਗਾ ਜਦੋਂ ਇਨਕਾਰੀ ਲੋਕ ਕਾਮਨਾ ਕਰਨਗੇ ਕਿ ਕਾਸ਼! ਉਹ ਵੀ ਮੰਨਣ ਵਾਲੇ ਹੁੰਦੇ।
- ਇਨ੍ਹਾਂ ਨੂੰ ਛੱਡੋ ਕਿ ਖਾਣ ਅਤੇ ਲਾਭ ਉਠਾਉਣ ਅਤੇ ਫੌਕੀ ਉਮੀਦ ਇਨ੍ਹਾਂ ਨੂੰ ਭੁਲੇਖੇ ਵਿਚ ਪਾਈ ਰੱਖੇ। ਤਾਂ ਜਲਦੀ ਹੀ ਉਹ ਜਾਣ ਲੈਣਗੇ।
- ਅਤੇ ਅਸੀਂ ਜਿਸ ਬਸਤੀ ਨੂੰ ਵੀ ਬਰਬਾਦ ਕੀਤਾ, ਉਸ ਦਾ ਕਿ ਨਿਯਤ ਸਮਾਂ ਲਿਖਿਆ ਹੋਇਆ ਸੀ।
- ਕੋਈ ਕੌਮ ਅਪਣੇ ਮਿੱਥੇ ਸਮੇ ਤੇ ਨਾ ਅੱਗੇ ਵਧਦੀ ਹੈ ਅਤੇ ਨਾ ਪਿੱਛੇ ਹਟਦੀ ਹੈ।
- ਅਤੇ ਇਹ ਲੋਕ ਆਖਦੇ ਹਨ ਕਿ ਹੇ ਬੰਦੇ ! ਜਿਸ ਉੱਪਰ ਰੱਬੀ ਹਦਾਇਤ ਦਾ ਪ੍ਰਕਾਸ਼ ਹੋਇਆ ਹੈ। ਬੇਸ਼ੱਕ ਤੂੰ ਸ਼ੁਦਾਈ ਹੈਂ।
- (ਉਹ ਆਖਦੇ ਹਨ ਕਿ) ਜੇਕਰ ਤੂੰ ਸੱਚਾ ਹੈਂ ਤਾਂ ਸਾਡੇ ਕੋਲ ਫ਼ਰਿਸ਼ਤਿਆਂ ਨੂੰ ਕਿਉਂ ਨਹੀਂ ਲੈ ਆਉਂਦਾ।
- ਅਸੀਂ ਫ਼ਰਿਸ਼ਤਿਆਂ ਨੂੰ ਕੇਵਲ ਫ਼ੈਸਲਿਆਂ ਲਈ ਹੀ ਭੇਜਦੇ ਹਾਂ। ਅਤੇ ਉਸ ਵੇਲੇ ਲੋਕਾਂ ਨੂੰ ਮੌਕਾ ਨਹੀਂ ਦਿੱਤਾ ਜਾਂਦਾ।
- ਇਹ ਕੁਰਆਨ ਅਸੀਂ ਹੀ ਉਤਾਰਿਆ ਹੈ। ਅਤੇ ਅਸੀਂ ਹੀ ਇਸ ਦੇ ਨਿਗਰਾਨ ਹਾਂ।
- ਅਤੇ ਅਸੀਂ ਤੁਹਾਡੇ ਤੋਂ ਪਹਿਲਾਂ ਹੋ ਚੁੱਕੀਆਂ ਕੌਮਾਂ ਵਿਚ ਰਸੂਲ ਭੇਜ ਚੁੱਕੇ ਹਾਂ।
- ਅਤੇ ਜਿਹੜਾ ਰਸੂਲ ਵੀ ਉਨ੍ਹਾਂ ਦੇ ਕੋਲ ਆਇਆ ਉਹ ਉਸ ਦਾ ਮਖੌਲ ਉਡਾਉਂਦੇ ਰਹੇ।
- ਇਸ ਤਰਾਂ ਅਸੀਂ ਇਹ (ਮਖੌਲ) ਅਪਰਾਧੀਆਂ ਦੇ ਮਨਾਂ ਵਿਚ ਪਾ ਦਿੰਦੇ ਹਾਂ।
- ਉਹ ਇਸ ਉੱਪਰ ਈਮਾਨ ਨਹੀਂ ਲਿਆਉਣਗੇ, ਤੇ ਇਹ ਤਰੀਕਾ ਪਹਿਲਾਂ ਦੇ ਲੋਕਾਂ ਦੇ ਸਮੇ ਤੋਂ ਹੀ ਚੱਲਿਆ ਆ ਰਿਹਾ ਹੈ।
- ਅਤੇ ਜੇਕਰ ਅਸੀਂ ਉਨ੍ਹਾਂ ਲਈ ਅਸਮਾਨ ਦਾ ਕੋਈ ਦਰਵਾਜ਼ਾ ਖੋਲ੍ਹ ਦਿੰਦੇ ਜਿਸ ਉੱਪਰ ਉਹ ਚੜ੍ਹਨ ਲੱਗਦੇ।
- ਉਸ ਸਮੇ ਵੀ ਉਹ ਕਹਿ ਦਿੰਦੇ ਕਿ ਸਾਡੀਆਂ ਅੱਖਾਂ ਨੂੰ ਧੋਖਾ ਹੋ ਰਿਹਾ ਹੈ। ਸਗੋਂ ਸਾਡੇ ਉੱਪਰ ਕੋਈ ਜਾਦੂ ਕਰ ਦਿੱਤਾ ਗਿਆ ਹੈ।
- ਅਤੇ ਅਸੀਂ ਆਕਾਸ਼ਾਂ ਵਿਚ ਬੁਰਜ (ਤਾਰਾ ਮੰਡਲ) ਬਣਾਏ। ਅਤੇ ਵੇਖਣ ਵਾਲਿਆਂ ਲਈ ਉਸ ਨੂੰ ਸਿੰਗਾਰਿਆ ਵੀ।
- ਅਤੇ ਉਸ ਨੂੰ ਹਰ ਇੱਕ ਧਿਰਕਾਰੇ ਹੋਏ ਸ਼ੈਤਾਨ ਤੋਂ ਸੁਰੱਖਿਅਤ ਵੀ ਕੀਤਾ।
- ਜੇਕਰ ਕੋਈ ਚੋਰੀ ਛਿਪੇ ਸੁਣਨ ਲਈ ਕੰਨ ਵੀ ਲਗਾਉਂਦਾ ਤਾਂ ਇੱਕ ਚਮਕਦਾ ਹੋਇਆ ਅੰਗਾਰਾ ਉਸ ਦਾ ਪਿੱਛਾ ਕਰਦਾ।
- ਅਤੇ ਅਸੀਂ ਧਰਤੀ ਨੂੰ ਚੌੜਾ ਕੀਤਾ ਤੇ ਇਸ ਉੱਪਰ ਅਸੀਂ ਪਹਾੜ ਰੱਖ ਦਿੱਤੇ। ਉਸ ਵਿਚ ਹਰ ਇੱਕ ਚੀਜ਼ ਗਿਣੇ ਮਿੱਥੇ ਢੰਗ ਨਾਲ ਪੈਦਾ ਕੀਤੀ ਗਈ।
- ਅਤੇ ਅਸੀਂ ਤੁਹਾਡੇ ਲਈ ਇਸ ਅੰਦਰ ਰਿਜ਼ਕ ਦੇ ਸਾਧਨ ਬਣਾਏ। ਅਤੇ ਉਹ ਜੀਵ ਜੰਤੂ ਪੈਦਾ ਕੀਤੇ ਜਿਨ੍ਹਾਂ ਨੂੰ ਤੁਸੀਂ ਰੋਜ਼ੀ (ਭੋਜਨ) ਨਹੀਂ ਦਿੰਦੇ।
- ਅਤੇ ਕੋਈ ਚੀਜ਼ ਅਜਿਹੀ ਨਹੀਂ ਜਿਸਦੇ ਖਜ਼ਾਨੇ ਸਾਡੇ ਪਾਸ ਨਾ ਹੋਣ ਅਤੇ ਅਸੀਂ ਉਸ ਨੂੰ ਇੱਕ ਨਿਰਧਾਰਿਤ ਪੈਮਾਨੇ ਦੇ ਨਾਲ ਉਤਾਰਦੇ ਹਨ।
- ਅਤੇ ਅਸੀਂ ਹੀ ਹਵਾਵਾਂ ਨੂੰ ਭਾਰੀ (ਵਰਖਾ ਕਰਨ ਵਾਲੇ) ਬਣਾਕੇ ਚਲਾਉਂਦੇ ਹਾਂ। ਫਿਰ ਅਸੀ ਅਸਮਾਨ ਤੋਂ ਪਾਣੀ ਵਰਸਾਉਂਦੇ ਹਾਂ ਅਤੇ ਫਿਰ ਉਸ ਪਾਣੀ ਨਾਲ ਤੁਹਾਨੂੰ ਸਿੰਜਦੇ ਹਾਂ। ਅਤੇ ਇਹ ਤੁਹਾਡੇ ਵੱਸ ਦੀ ਗੱਲ ਨਹੀਂ ਸੀ ਕਿ ਤੁਸੀਂ ਇਸ ਦਾ ਭੰਡਾਰ ਇਕੱਠਾ ਕਰ ਸਕਦੇ।
- ਅਤੇ ਬੇਸ਼ੱਕ ਅਸੀਂ ਹੀ ਜੀਵਤ ਕਰਦੇ ਹਾਂ ਅਤੇ ਅਸੀਂ ਹੀ ਮਾਰਦੇ ਹਾਂ। ਅਤੇ ਅਸੀਂ ਹੀ ਬਾਕੀ ਰਹਾਂਗੇ।
- ਅਤੇ ਅਸੀਂ ਤੁਹਾਡੇ ਵਡੇਰਿਆਂ ਨੂੰ ਵੀ ਜਾਣਦੇ ਹਾਂ ਅਤੇ ਤੁਹਾਡੇ ਪਿਛੋਂ ਆਉਣ ਵਾਲੇ ਲੋਕਾਂ ਨੂੰ ਵੀ।
- ਅਤੇ ਬੇਸ਼ੱਕ ਤੁਹਾਡਾ ਰੱਬ ਉਨ੍ਹਾਂ ਸਾਰਿਆਂ ਨੂੰ ਇਕੱਠਾ ਕਰੇਗਾ। ਉਹ ਸਰਵ-ਗਿਆਤਾ ਅਤੇ ਤਤਵੇਤਾ ਹੈ।
- ਅਤੇ ਅਸੀਂ' ਹੀ ਮਨੁੱਖ ਨੂੰ ਗਾਰੇ ਦੀ ਖੜਕਦੀ ਮਿੱਟੀ ਤੋਂ ਪੈਦਾ ਕੀਤਾ ਹੈ।
- ਅਤੇ ਇਸ ਤੋਂ ਪਹਿਲਾਂ ਅਸੀਂ ਜਿੰਨਾਂ ਨੂੰ ਅੱਗ ਦੀਆਂ ਲਪਟਾਂ ਤੋਂ ਪੈਦਾ ਕੀਤਾ।
- ਅਤੇ ਜਦੋਂ ਤੇਰੇ ਰੱਬ ਨੇ ਫ਼ਰਿਸ਼ਤਿਆਂ ਨੂੰ ਕਿਹਾ ਕਿ ਮੈਂ' ਗੁੰਨ੍ਹੇ ਹੋਏ ਗਾਰੇ ਦੀ ਸੁੱਕੀ ਮਿੱਟੀ ਤੋਂ ਇੱਕ ਮਨੁੱਖ ਪੈਦਾ ਕਰਨ ਵਾਲਾ ਹਾਂ।
- ਜਦੋਂ ਮੈਂ ਉਸ ਨੂੰ ਪੂਰਾ ਬਣਾ ਲਵਾਂ ਅਤੇ ਉਸ ਵਿਚ ਆਪਣੀ ਰੂਹ ਫੂਕ ਦੇਵਾਂ ਤਾਂ ਤੁਸੀਂ ਉਸ ਨੂੰ ਸਿਜਦਾ ਕਰਨ ਲਈ ਝੁੱਕ ਜਾਣਾ।
- ਤਾਂ ਸਾਰੇ ਫ਼ਰਿਸ਼ਤਿਆਂ ਨੇ ਸਿਜਦਾ ਕੀਤਾ।
- ਪਰੰਤੂ ਇਬਲੀਸ ਨੇ ਸਿਜਦਾ ਕਰਨ ਵਾਲਿਆਂ ਦਾ ਸਾਥ ਦੇਣ ਤੋਂ ਮਨ੍ਹਾ ਕਰ ਦਿੱਤਾ।
- ਅੱਲਾਹ ਨੇ ਕਿਹਾ ਹੇ ਇਬਲੀਸ! ਤੈਨੂੰ ਕੀ ਹੋਇਆ ਕਿ ਤੂੰ ਸਿਜਦਾ ਕਰਨ ਵਾਲਿਆਂ ਵਿਚ ਸ਼ਾਮਿਲ ਨਹੀਂ ਹੋਇਆ।
- ਇਬਲੀਸ ਨੇ ਕਿਹਾ, ਕਿ ਮੈਂ ਅਜਿਹਾ ਨਹੀਂ ਕਿ ਮਨੁੱਥ ਨੂੰ ਸਿਜਦਾ ਕਰਾਂ, ਜਿਸ ਨੂੰ ਤੂੰ ਗੁੰਨ੍ਹੇ ਹੋਏ ਗਾਰੇ ਦੀ ਸੁੱਕੀ ਮਿੱਟੀ ਤੋਂ ਪੈਦਾ ਕੀਤਾ ਹੈ।
- ਅੱਲਾਹ ਨੇ ਕਿਹਾ ਤੂੰ ਇਥੋਂ ਨਿਕਲ ਜਾ, ਕਿਉਂਕਿ ਤੂੰ ਧਿਰਕਾਰਿਆ ਹੋਇਆ ਹੈ।
- ਅਤੇ ਕੋਈ ਸ਼ੱਕ ਨਹੀਂ' ਤੈਨੂੰ ਫੈਸਲੇ ਦੇ ਦਿਨ ਤੱਕ ਧਿਰਕਾਰ ਹੈ।
- ਇਬਲੀਸ ਨੇ ਕਿਹਾ, ਹੇ ਮੇਰੇ ਪਾਲਣਹਾਰ! ਤੂੰ ਮੈਨੂੰ ਉਸ ਦਿਨ ਤੱਕ ਲਈ ਮੌਕਾ ਦੇ ਜਿਸ ਦਿਨ ਲੋਕ ਮੁੜ ਜੀਵਿਤ ਕੀਤੇ ਜਾਣਗੇ।
- ਅੱਲਾਹ ਨੇ ਕਿਹਾ ਤੈਨੂੰ ਮੌਕਾ ਦਿੱਤਾ ਗਿਆ।
- ਉਸ ਨਿਯਤ ਕੀਤੇ ਹੋਏ ਸਮੇਂ ਤੱਕ।
- ਇਬਲੀਸ ਨੇ ਕਿਹਾ, ਹੇ ਮੇਰੇ ਪਾਲਣਹਾਰ! ਜਿਵੇਂ ਤੂੰ ਸੈਨੂੰ ਭਟਕਾਇਆ ਹੈ। ਇਸੇ ਤਰਾਂ ਮੈਂ ਇਨ੍ਹਾਂ ਲਈ ਧਰਤੀ ਨੂੰ ਸ਼ਿੰਗਾਰਾਂਗਾ ਅਤੇ ਸਾਰਿਆਂ ਨੂੰ ਪੁੱਠੇ ਰਾਹੀਂ ਤੋਰਾਂਗਾ।
- ਬਿਨਾ ਤੇਰੇ ਚੁਣੇ ਹੋਏ ਬੰਦਿਆਂ ਦੇ।
- ਅੱਲਾਹ ਨੇ ਫ਼ਰਮਾਇਆ, ਇਹ ਇੱਕ ਸਿੱਧਾ ਰਾਹ ਹੈ, ਜਿਹੜਾ ਮੁੜ ਮੇਰੇ ਤੱਕ ਪਹੁੰਚਦਾ ਹੈ।
- ਬੇਸ਼ੱਕ ਜਿਹੜੇ ਮੇਰੇ ਬੰਦੇ ਹਨ, ਉਨ੍ਹਾਂ ਉੱਪਰ ਤੇਰਾ ਵੱਸ ਨਹੀਂ' ਚੱਲੇਗਾ। ਥਿਨਾਂ ਉਨ੍ਹਾਂ ਦੇ ਜਿਹੜੇ ਭਟਕੇ ਹੋਏ ਤੇਰੀ ਪਾਲਣਾ ਕਰਨ।
- ਅਤੇ ਉਨ੍ਹਾਂ ਸਾਰਿਆਂ ਲਈ ਨਰਕ ਦਾ ਵਾਅਦਾ ਹੈ।
- ਉਸ ਦੇ ਸੱਤ ਦਰਵਾਜ਼ੇ ਹਨ। ਹਰ ਇੱਕ ਦਰਵਾਜ਼ੇ ਲਈ ਉਨ੍ਹਾਂ ਲੋਕਾਂ ਦੇ ਵੱਖ ਵੱਖ ਹਿੱਸੇ ਹਨ।
- ਬੇਸ਼ੱਕ ਡਰਨ ਵਾਲੇ, ਬਾਗ਼ਾਂ ਅਤੇ ਚਸ਼ਮਿਆਂ ਵਿਚ ਹੋਣਗੇ।
- ਵਾਖ਼ਿਲ ਹੋ ਜਾਵੇਂ ਇਨ੍ਹਾਂ ਵਿਚ ਸੁਰੱਖਿਅਤ ਅਤੇ ਸ਼ਾਂਤੀ ਦੇ ਨਾਲ।
- ਅਤੇ ਅਸੀਂ ਉਨ੍ਹਾਂ ਦੇ ਦਿਲਾਂ ਵਿਚੋਂ ਦਵੈਸ਼ ਕੱਢ ਦੇਵਾਂਗੇ। ਸਾਰੇ ਆਸਣਾਂ ਉੱਪਰ ਆਹਮਣੇ ਸਾਹਮਣੇ ਭਰਾਵਾਂ ਦੀ ਤਰਾਂ ਰਹਿਣਗੇ।
- ਉੱਤੇ ਉਨ੍ਹਾਂ ਨੂੰ ਕੋਈ ਦੁੱਖ ਨਹੀਂ ਪਹੁੰਚਾਵੇਗਾ ਅਤੇ ਨਾ ਹੀ ਉਹ ਕੱਢੇ ਜਾਣਗੇ।
- ਮੇਰੇ ਬੰਦਿਆਂ ਨੂੰ ਖ਼ਬਰ ਦੇ ਦੇਵੋ ਕਿ ਮੈਂ ਮੁਆਫ਼ ਕਰਨ ਵਾਲਾ ਅਤੇ ਰਹਿਮਤ ਕਰਨ ਵਾਲਾ ਹਾ।
- ਅਤੇ ਮੇਰੀ ਸਜ਼ਾ ਤਕਲੀਫ਼ ਦਾਇਕ ਸਜ਼ਾ ਹੈ।
- ਅਤੇ ਉਨ੍ਹਾਂ ਨੂੰ ਇਬਰਾਹੀਮ ਦੇ ਮਹਿਮਾਨਾਂ ਦੇ ਬਿਰਤਾਂਤ ਰਾਹੀਂ ਸਾਵਧਾਨ ਕਰੋਂ।
- ਜਦੋਂ ਉਹ ਉਸ ਦੇ ਕੋਲ ਆਏ ਉਨ੍ਹਾਂ ਨੂੰ ਸਲਾਮ ਕੀਤਾ। ਇਬਰਾਹੀਮ ਨੇ ਆਖਿਆ, ਕਿ ਸਾਨੂੰ ਤੁਹਾਡੇ ਤੋਂ ਛਰ ਲੱਗ ਰਿਹਾ ਹੈ।
- ਉਨ੍ਹਾਂ ਨੇ ਆਖਿਆ ਕਿ ਡਰੋ ਨਹੀਂ, ਅਸੀਂ ਤੁਹਾਨੂੰ ਇੱਕ ਲੜਕੇ ਦੀ ਖੁਸ਼ਖ਼ਬਰੀ ਦਿੰਦੇ ਹਾਂ। ਜਿਹੜਾ ਬੜਾ ਗਿਆਨੀ ਹੋਵੇਗਾ।
- ਇਬਰਾਹੀਮ ਨੇ ਆਖਿਆ, ਕੀ ਤੁਸੀਂ ਇਸ ਬੁਢਾਪੇ ਵਿਚ ਮੈਨੂੰ ਔਲਾਦ ਦੀ ਖੁਸ਼ਖ਼ਬਰੀ ਦਿੰਦੇ ਹੋ।
- ਉਨ੍ਹਾਂ ਨੇ ਆਖਿਆ ਕਿ ਅਸੀਂ ਤੁਹਾਨੂੰ ਸੱਚਾਈ ਨਾਲ ਚੰਗੀ ਖ਼ਬਰ ਦਿੰਦੇ ਹਾਂ। ਇਸ ਲਈ ਤੂੰ ਨਿਰਾਸ਼ ਹੋਣ ਵਾਲਿਆਂ ਵਿਚੋਂ ਨਾ ਬਣ।
- ਇਬਰਾਹੀਮ ਨੇ ਆਖਿਆ, ਕਿ ਅਪਣੇ ਰੱਬ ਦੀ ਕਿਰਪਾ ਤੋਂ ਭਟਕੇ ਹੋਏ ਲੋਕਾਂ ਤੋਂ ਬਿਨਾ, ਹੋਰ ਕੌਣ ਨਿਰਾਸ਼ ਹੋ ਸਕਦਾ ਹੈ।
- ਕਿਹਾ ਕਿ ਹੇ ਭੇਜੇ ਹੋਏ ਫ਼ਰਿਸ਼ਤਿਓ! ਹੁਣ ਤੁਹਾਡੀ ਮੰਜਿਲ ਕੀ ਹੈ।
- ਉਨ੍ਹਾਂ ਨੇ ਆਖਿਆ, ਕਿ ਅਸੀਂ ਇਕ ਅਪਰਾਧੀ ਕੌਮ ਦੇ ਵੱਲ ਭੇਜੇ ਗਏ ਹਾਂ।
- ਪਰ ਲੂਤ ਦੇ ਘਰ ਵਾਲੇ, ਅਸੀਂ ਇਨ੍ਹਾਂ ਨੂੰ ਬਚਾ ਲਵਾਂਗੇ।
- ਬਿਨਾ ਉਸ ਦੀ ਪਤਨੀ ਦੇ ਜਿਸ ਬਾਰੇ ਅਸੀਂ ਜਾਣਦੇ ਹਾਂ ਕਿ ਉਹ ਜ਼ਰੂਰ ਪਾਪੀ ਲੋਕਾਂ ਨਾਲ ਰਹਿ ਜਾਵੇਗੀ।
- ਫਿਰ ਜਦੋਂ ਭੇਜੇ ਹੋਏ ਫ਼ਰਿਸ਼ਤੇ ਲੂਤ ਦੇ ਪਰਿਵਾਰ ਦੇ ਕੋਲ ਆਏ।
- ਉਨ੍ਹਾਂ ਨੇ ਆਖਿਆ ਕਿ ਤੁਸੀਂ ਲੋਕ ਅਨਜਾਣ ਪ੍ਰਤੀਤ ਹੁੰਦੇ ਹੋ।
- ਉਨ੍ਹਾਂ ਨੇ ਕਿਹਾ, ਕਿ ਨਹੀਂ, ਸਗੋਂ ਅਸੀਂ ਤੁਹਾਡੇ ਕੋਲ ਉਹ ਚੀਜ਼ ਲੈ ਕੇ ਆਏ ਹਾਂ, ਜਿਸ ਲਈ ਇਹ ਲੋਕ ਸ਼ੱਕ ਕਰਦੇ ਹਨ।
- ਅਤੇ ਅਸੀਂ ਤੁਹਾਡੇ ਕੋਲ ਸੱਚਾਈ ਦੇ ਨਾਲ ਆਏ ਹਾਂ ਅਤੇ ਅਸੀਂ' ਪੂਰਨ ਤੌਰ ਤੇ ਸੱਚੇ ਹਾ।
- ਇਸ ਲਈ ਤੁਸੀਂ ਕੁਝ ਰਾਤਾਂ (ਬਾਕੀ) ਰਹਿੰਦਿਆਂ ਅਪਣੇ ਘਰ ਵਾਲਿਆਂ ਦੇ ਨਾਲ ਨਿਕਲ ਜਾਓ। ਅਤੇ ਤੁਸੀਂ ਉਨ੍ਹਾਂ ਦੇ ਪਿੱਛੇ ਚੱਲੋਂ ਅਤੇ ਤੁਹਾਡੇ ਵਿੱਚੋਂ ਕੋਈ ਪਿੱਛੇ ਮੁੜ ਕੇ ਨਾ ਦੇਖੇ। ਅਤੇ ਉੱਥੇ ਚਲੇ ਜਾਓ, ਜਿਥੇ ਤੁਹਾਨੂੰ ਜਾਣ ਦਾ ਹੁਕਮ ਹੈ।
- ਅਤੇ ਅਸੀਂ ਲੂਤ ਦੇ ਕੋਲ ਹੁਕਮ ਭੇਜਿਆ ਕਿ ਸਵੇਰ ਹੁੰਦੇ ਹੀ ਇਨ੍ਹਾਂ ਲੋਕਾਂ ਦੀ ਜੜ ਕੱਟ ਜਾਵੇਗੀ।
- ਅਤੇ ਸ਼ਹਿਰ ਦੇ ਲੋਕ ਖੁਸ਼ ਹੋ ਕੇ ਆਏ।
- ਉਸ ਨੇ ਆਖਿਆ ਕਿ ਇਹ ਲੋਕ ਮੇਰੇ ਮਹਿਮਾਨ ਹਨ। ਤੁਸੀਂ ਲੋਕ ਮੇਰੀ ਬੇ-ਇੱਜ਼ਤੀ ਨਾ ਕਰੋਂ।
- ਅਤੇ ਤੁਸੀਂ ਅੱਲਾਹ ਤੋਂ ਡਰੋ, ਅਤੇ ਮੈਨੂੰ ਬੇ-ਇੱਜ਼ਤ ਨਾ ਕਰੋ।
- ਉਨ੍ਹਾਂ ਨੇ ਕਿਹਾ, ਕੀ ਅਸੀਂ ਤੁਹਾਨੂੰ ਸਾਰੇ ਸੰਸਾਰ ਦੇ ਲੋਕਾਂ ਤੋਂ ਮਨ੍ਹਾ ਨਹੀਂ ਕਰਿਆ।
- ਉਸ ਨੇ ਆਖਿਆ ਕਿ ਜੇਕਰ ਤੁਸੀਂ ਕਰਨਾ ਹੈ, ਤਾਂ ਇਹ ਮੇਰੀਆਂ ਧੀਆਂ ਹਨ।
- ਤੇਰੀ ਜਾਨ ਦੀ ਸਹੁੰ ਉਹ ਅਪਣੀ ਮਸਤੀ ਵਿਚ ਅਚੇਤ ਸਨ।
- ਤਾਂ ਸੂਰਜ ਨਿਕਲਣ ਦੇ ਸਮੇ (ਤੜਕੇ) ਹੀ ਉਨ੍ਹਾਂ ਨੂੰ ਚਿੰਘਾੜ ਨੇ ਫੜ ਲਿਆ।
- ਫਿਰ ਅਸੀਂ' ਉਸ ਸ਼ਹਿਰ ਨੂੰ ਪਲਟ ਦਿੱਤਾ ਅਤੇ ਉਨ੍ਹਾਂ ਲੋਕਾਂ ਉੱਪਰ ਪੱਥਰ ਦੇ ਕੰਕਰਾਂ ਦਾ ਮੀਂਹ ਪਾ ਦਿੱਤਾ।
- ਬੇਸ਼ੱਕ ਇਸ ਵਿਚ ਧਿਆਨ ਕਰਨ ਵਾਲਿਆਂ ਲਈ ਨਿਸ਼ਾਨੀਆਂ ਹਨ।
- ਅਤੇ ਇਹ ਸ਼ਹਿਰ ਇੱਕ ਆਮ ਵਰਤੋਂ ਵਿਚ ਆਉਣ ਵਾਲੇ ਰਾਹ ਤੇ ਸਥਿੱਤ ਹੈ।
- ਬੇਸ਼ੱਕ ਇਸ ਵਿਚ ਈਮਾਨ ਵਾਲਿਆਂ ਲਈ ਨਿਸ਼ਾਨੀਆਂ ਹਨ।
- ਅਤੇ ਐਕਾ (ਤਬੂਕ ਸਸਤੀ ਦਾ ਪੁਰਾਣਾ ਨਾਮ) ਵਾਲੇ ਹਕੀਕਤ ਵਿਚ ਜ਼ਾਲਿਮ ਸਨ।
- ਅਤੇ ਅਸੀਂ ਉਨ੍ਹਾਂ ਤੋਂ ਬਦਲਾ ਲਿਆ। ਇਹ ਦੋਵੇ' ਸ਼ਹਿਰ ਖੁੱਲ੍ਹੇ ਰਾਹ ਉੱਪਰ ਸਥਿੱਤ ਹਨ।
- ਅਤੇ ਹਿਜ਼ਰ ਵਾਲਿਆਂ ਨੇ ਵੀ ਰਸੂਲਾਂ ਤੋਂ ਇਨਕਾਰ ਕੀਤਾ।
- ਅਤੇ ਅਸੀਂ ਉਨ੍ਹਾਂ ਨੂੰ ਅਪਣੀਆਂ ਨਿਸ਼ਾਨੀਆਂ ਦਿੱਤੀਆਂ, ਪਰ ਉਹ ਉਸ ਤੋਂ' ਮੂੰਹ ਫੇਰਦੇ ਰਹੇ।
- ਅਤੇ ਉਹ ਪਹਾੜਾਂ ਨੂੰ ਕੱਟ ਕੇ ਉਨ੍ਹਾਂ ਵਿਚ ਘਰ ਬਣਾਉਂਦੇ ਸਨ। ਤਾਂ ਕਿ ਉਹ ਉੱਥੇ ਸ਼ਾਂਤੀ ਨਾਲ ਰਹਿ ਸਕਣ।
- ਤਾਂ ਉਨ੍ਹਾਂ ਨੂੰ ਸਵੇਰ ਦੇ ਸਮੱ ਇੱਕ ਭਿਆਨਕ ਚੀਕ ਨੇ ਫੜ ਲਿਆ।
- ਅਤੇ ਉਨ੍ਹਾਂ ਦਾ ਕੀਤਾ ਉਨ੍ਹਾਂ ਦੇ ਕੁਝ ਵੀ ਕੰਮ ਨਾ ਆਇਆ।
- ਅਤੇ ਅਸੀਂ ਆਕਾਸ਼ਾਂ ਅਤੇ ਧਰਤੀ ਵਿਚ ਅਤੇ ਜੋ ਕੁਝ ਇਨ੍ਹਾਂ ਦੇ ਵਿਚਕਾਰ ਹੈ, ਨਿਰਉਦੇਸ਼ ਨਹੀਂ ਬਣਾਇਆ। ਅਤੇ ਕੋਈ ਸ਼ੱਕ ਨਹੀਂ ਕਿ ਕਿਆਮਤ ਆਉਣ ਵਾਲੀ ਹੈ। ਇਸ ਲਈ ਤੁਸੀਂ ਖ਼ਿਮਾ ਕਰੋ ਅਤੇ ਭਲੇ ਵਿਹਾਰ ਤੋਂ ਕੰਮ ਲਵੋ।
- ਬੇਸ਼ੱਕ ਤੁਹਾਡਾ ਰੱਬ ਸਾਰਿਆਂ ਦਾ ਰਚਨਹਾਰ ਅਤੇ ਜਾਣਨਵਾਲਾ ਹੈ।
- ਅਤੇ ਅਸੀਂ ਤੁਹਾਨੂੰ ਸੱਤ ਮਸਾਨੀ ਅਤੇ ਮਹਾਨ ਕੁਰਆਨ ਬਖਸ਼ਿਆ।
- ਤੁਸੀਂ ਸੰਸਾਰਿਕ ਪਦਾਰਥਾਂ ਵੱਲ ਅੱਖ ਚੁੱਕ ਕੇ ਨਾ ਦੇਖੋ, ਜਿਹੜੇ ਅਸੀਂ ਅਲੱਗ-ਅਲੱਗ ਲੋਕਾਂ ਨੂੰ ਦਿੱਤੇ ਹਨ ਅਤੇ ਉਨ੍ਹਾਂ ਉੱਪਰ ਗ਼ਮ ਨਾ ਕਰੋ, ਈਮਾਨ ਵਾਲਿਆਂ ਲਈ ਅਪਣੇ ਪਿਆਰ ਦੀਆਂ ਬਾਹਾਂ ਫੈਲਾ ਦੇਵੋ।
- ਅਤੇ ਆਖੋ ਕਿ ਮੈ ਇਕ ਸਪੱਸ਼ਟ ਭੈ ਭੀਤ ਕਰਨ ਵਾਲਾ ਹਾਂ।
- ਇਸੇ ਤਰਾਂ ਅਸੀਂ ਉਨ੍ਹਾਂ ਟੁਕੜੇ ਕਰਨ ਵਾਲਿਆਂ ਉੱਪਰ ਵੀ ਉਤਾਰਿਆ ਸੀ।
- ਜਿਨ੍ਹਾਂ ਨੇ ਆਪਣੇ ਕੁਰਆਨ ਨੂੰ ਟੁਕੜੇ-ਟੁਕੜੇ ਕਰ ਦਿੱਤਾ।
- ਇਸ ਲਈ ਤੇਰੇ ਰੱਬ ਦੀ ਸਹੂੰ ਅਸੀਂ ਉਨ੍ਹਾਂ ਸਾਰਿਆਂ ਨੂੰ ਜ਼ਰੂਰ ਪੁੱਛਾਂਗੇ।
- ਜਿਹੜਾ ਕੁਝ ਉਹ ਕਰਦੇ ਸਨ।
- ਇਸ ਲਈ ਜਿਸ ਜ਼ੀਜ਼ ਦਾ ਤੁਹਾਨੂੰ ਹੁਕਮ ਮਿਲਿਆ ਹੈ, ਉਸ ਨੂੰ ਸਪੱਸ਼ਟ ਸੁਣਾ ਦੇਵੋ ਅਤੇ ਮੁਸ਼ਰਕਾਂ (ਸੱਚਾਈ ਵਿਚ ਮਿਲਾਵਟ ਕਰਨ ਵਾਲੇ) ਨੂੰ ਮੂੰਹ ਨਾ ਲਾਓ।
- ਅਸੀਂ ਤੁਹਾਡੇ ਵੱਲੋਂ, ਉਨ੍ਹਾਂ ਮਜ਼ਾਕ ਕਰਨ ਵਾਲਿਆਂ ਲਈ ਕਾਫ਼ੀ ਹਾਂ।
- ਜਿਹੜੇ ਅੱਲਾਹ ਦੇ ਬ਼ਰਾਬ਼ਰ ਦੂਜਿਆਂ ਨੂੰ ਸ਼ਰੀਕ ਬਣਾਉਂਦੇ ਤਾਂ ਜਲਦੀ ਹੀ ਉਹ ਜਾਣ ਲੈਣਗੇ।
- ਅਤੇ ਅਸੀਂ ਜਾਣਦੇ ਹਾਂ ਕਿ ਜਿਹੜਾ ਕੁਝ ਉਹ ਕਹਿੰਦੇ ਹਨ, ਉਸ ਨਾਲ ਤੁਹਾਡਾ ਦਿਲ ਤੰਗ ਹੁੰਦਾ ਹੈ।
- ਇਸ ਲਈ ਤੁਸੀਂ ਆਪਣੇ ਰੱਬ ਦਾ ਖੁਸ਼ੀ ਨਾਲ ਗੁਣਗਾਨ ਕਰੋ ਅਤੇ ਸਿਜਦਾ ਕਰਨ ਵਾਲਿਆਂ ਵਿਚੋਂ ਬਣੋ।
- ਅਤੇ ਆਪਣੇ ਰੱਬ ਦੀ ਬੰਦਗੀ ਕਰੋਂ। ਇਥੋਂ' ਤੱਕ ਕਿ ਤੁਹਾਡੇ ਕੋਲ ਵਾਅਦਾ ਕੀਤੀ ਹੋਈ ਯਕੀਨੀ ਗੱਲ ਆ ਜਾਵੇ।